Doaba Times Editorial

ਵੇਖੀਂ ਦਿਲਾ ਕਿਸੇ ਦਾ ਅਹਿਸਾਨ ਭੁੱਲ ਜਾਈਂ ਨਾ
ਖਾਸ ਨੇ ਜੋ ਤੇਰੇ ਉਹ ਇਨਸਾਨ ਭੁੱਲ ਜਾਈਂ ਨਾ

ਮੁਸੀਬਤਾਂ ਚ ਖੜਦੇ ਜੋ ਹਮੇਸ਼ਾ ਨਾਲ ਰਹੇ ਨੇ
ਤੇਰੇ ਪਿਆਰ ਦੇ ਉਹ ਕਦਰਦਾਨ ਭੁੱਲ ਜਾਈਂ ਨਾ

ਸੱਚ ਦੀ ਆਵਾਜ਼ ਕੋਈ ਦਬਾ ਨਹੀਂਓ ਸਕਦਾ
ਕਿਸੇ ਝੂਠੇ ਲਈ ਤੂੰ ਆਪਣਾ ਈਮਾਨ ਭੁੱਲ ਜਾਈਂ ਨਾ

ਮਾਂ ਦੀਆਂ ਲੋਰੀਆਂ, ਬਾਪੂ ਦਾ ਗੰਧਾੜੇ ਝੂਟੇ
ਖੇਡਦੇ ਸੀ ਹੁੰਦੇ ਜਿੱਥੇ ਉਹ ਚੌਗਾਨ ਭੁੱਲ ਜਾਈਂ ਨਾ

ਜਿਹਨਾਂ ਕਰਕੇ ਸਲਾਮ ਹੁੰਦੇ ਤੇ ਹੁੰਦੇ ਰਹਿਣਗੇ
ਵਿਰਸੇ ਚ ਮਿਲੀ ਜਿਹੜੀ ਗੁਣਾਂ ਦੀ ਉਹ ਖਾਨ ਭੁੱਲ ਜਾਈਂ ਨਾ

ਲੁਟਾ ਕੇ ਖੁਸ਼ੀਆਂ ਜੇ ਪੱਲੇ ਕੁੱਝ ਰਿਹਾ ਨਾ
ਮਿਲੇ ਜੋ ਖੁਦਗਰਜ਼ ਤੈਨੂੰ ਉਹ ਬੇਈਮਾਨ ਭੁੱਲ ਜਾਈਂ ਨਾ

ਹਰ ਰੀਝ ਪਾਲ ਕੇ ਤੇਰੇ ਵਿੱਚੋ ਖੁਸ਼ੀਆਂ ਲੱਭੀਆਂ ਜਿਨ੍ਹਾਂ
ਚਿਹਰੇ ਉਹਨਾਂ ਦੇ ਸਜਾਉਣੀ ਮੁਸਕਾਨ ਭੁੱਲ ਜਾਈਂ ਨਾ

ਜਿਸ ਹਿੰਮਤ ਦਿੱਤੀ ਉਹਦਾ ਨਾਮ ਲਵੀਂ ਹਰ ਵੇਲੇ
ਜਿਸ ਇਹ ਧਰਤ ਵਿਖਾਈ ਉਹ ਭਗਵਾਨ ਭੁੱਲ ਜਾਈਂ ਨਾ

ਖੁਸ਼ਪ੍ਰੀਤ ਚਹਿਲ
ਕੋਟ ਲੱਲੂ

ਚਾਪਲੂਸੀ ਕਰੇ ਬਿਨਾਂ ਕੰਮ ਹੋਜੇ
ਇਹੋ ਜਿਹੀ ਕੋਈ ਹੁਣ ਥਾਂ ਨਾ ਰਹੀ

ਪਲ ਵਿੱਚ ਟੁੱਟ ਜਾਣ ਰਿਸ਼ਤੇ
ਪੁਰਾਣੇ ਸਮਿਆਂ ਜਿਹੀ ਵਫ਼ਾ ਨਾ ਰਹੀ

ਨਫ਼ਾ- ਨੁਕਸਾਨ ਜੋ ਨਾ ਸੋਚੇ
ਇਹੋ ਜਿਹੀ ਕਿਸੇ ਦੀ ਸਲਾਹ ਨਾ ਰਹੀ

ਨਫ਼ਰਤ ਦੀ ਬਿਮਾਰੀ ਵੱਧ ਰਹੀ
ਬਚਾਅ ਲਈ ਕੋਈ ਦਵਾ ਨਾ ਰਹੀ

ਕੋਰਟ ਕਚਹਿਰੀ ਜੇਬਾਂ ਝਾੜ ਲੈਂਦੇ
ਝੂਠ ਦੀ ਰੂਹ ਕੰਬੇ ਐਸੀ ਕੋਈ ਸਜ਼ਾ ਨਾ ਨਹੀਂ

ਭਰ – ਭਰ ਮੁੱਠਾਂ ਵੰਡਦੇ ਖੁਸ਼ੀਆਂ ਹੋਰਾਂ ਨੂੰ ਉਹੀ
ਜਿਹਨਾਂ ਕੋਲ ਖੁਸ਼ੀਆਂ ਦੀ ਕੋਈ ਵਜ੍ਹਾ ਨਾ ਰਹੀ

ਖੁਸ਼ਪ੍ਰੀਤ ਚਹਿਲ
ਕੋਟ ਲੱਲੂ

ਇੱਕ – ਇੱਕ ਪੈਸਾ ਜੋੜ ਘਰ ਬਣਦਾ
ਸੌਖਾ ਨਹੀਂਓ ਬੋਝ ਚੁੱਕਣਾ ਕਬੀਲਦਾਰੀ ਦਾ

ਮੁੰਹ ਆਪਣੇ ਦੀ ਬੁਰਕੀ ਔਲਾਦ ਲਈ ਬਚਾਈਦੀ
ਆਪਣੀ ਸਭ ਛੱਡ ਖੁਸ਼ੀ ਪਰਿਵਾਰ ਦੀ ਪੁਗਾਈਦੀ

ਸਿਰ ਨੀਵਾਂ ਕਰ ਦੇਵੇ ਇਹ ਗਰੀਬੀ ਰੱਬਾ
ਰੋਅਬ ਦਾਅਬ ਝੱਲਣਾ ਪੈਜੇ ਦੂਜੇ ਦੀ ਸਰਦਾਰੀ ਦਾ

ਕੰਮ ਕਾਜ ਦੂਹਰਾ ਲੈ ਕੇ ਵੀ ਦਿਹਾੜੀ ਦੇਣ ਨਾ
ਤਨ ਦੇ ਮੁੜਕੇ ਦੀ ਅਗਨੀ ਚੁੱਲ੍ਹੇ ਚ ਮਚਾਈਦੀ

ਕੌਣ ਐ ਰਾਖਾ ਸਾਡਾ ਪੁੱਛਦੇ ਨੇ ਵੋਟਾਂ ਬਾਅਦ ਲੋਕੀਂ
ਪੱਖ ਪੂਰਦੇ ਨੇ ਲੋਕਾਂ ਦੇ ਨੇਤਾ ਨੀਤੀ ਸਰਕਾਰੀ ਦਾ

ਖੁਸ਼ਪ੍ਰੀਤ ਚਹਿਲ
ਕੋਟ ਲੱਲੂ

ਫਰਿਸ਼ਤੇ

ਕਈ ਇਨਸਾਨ ਬਹੁਤ ਪਿਆਰੇ ਹੁੰਦੇ ਨੇ
ਹਰ ਇੱਕ ਦਿਲ ਵਿੱਚੋ ਮੁਹੱਬਤ ਲੱਭ ਹੀ ਲੈਂਦੇ ਨੇ
ਬੇਰੁਖੀ ਦਾ ਜਵਾਬ ਵੀ ਮੁਸਕਾਨ ਨਾਲ ਦਿੰਦੇ ਨੇ
ਤੇ ਗੁੱਸਾ ਤਾਂ ਜਾਣਦੇ ਹੀ ਨਹੀਂ
ਸਾਡੀ ਗ਼ਲਤੀ ਤੇ ਨਾਰਾਜ਼ ਨਹੀਂ ਹੁੰਦੇ
ਬਲਕਿ ਸਾਨੂੰ ਗ਼ਲਤੀ ਦਾ ਅਹਿਸਾਸ ਦਿਵਾਉਂਦੇ ਨੇ
ਮੁਸ਼ਕਿਲਾਂ ਚ ਮੋਢੇ ਨਾਲ ਮੋਢਾ ਜੋੜ ਖੜੇ ਰਹਿੰਦੇ
ਤੇ ਸਾਡੀ ਖੁਸ਼ੀ ਚ ਖੁਸ਼ ਹੁੰਦੇ
ਸਾਡੇ ਮਨ ਨੂੰ ਡੋਲਣ ਨਹੀਂ ਦਿੰਦੇ
ਸਾਡੀ ਆਸ ਬਣਕੇ ਨਾਲ ਰਹਿੰਦੇ ਨੇ
ਸਾਡੀ ਕਮਜ਼ੋਰੀ ਨੂੰ ਦਿਲ ਦੇ ਕਿਸੇ ਕੋਨੇ
ਵਿੱਚ ਦਫਨਾ ਦਿੰਦੇ ਨੇ
ਦੂਰ ਹੋਣ ਚਾਹੇ ਨੇੜੇ ਵੱਸਦੇ ਹੋਣ
ਹਮੇਸ਼ਾ ਸਾਡੀ ਗੱਲ ਸੁਣਦੇ
ਤੇ ਤਰਕ ਕਰਕੇ ਰਸਤਾ ਵਿਖਾਉਂਦੇ ਨੇ
ਤੇ ਇਹੋ ਜਿਹੇ ਇਨਸਾਨ ਕਿਸੇ ਵੀ ਰੂਪ ਵਿੱਚ
ਸਾਡੀ ਜ਼ਿੰਦਗੀ ਵਿੱਚ ਹੋ ਸਕਦੇ ਨੇ
ਮਾਂ, ਬਾਪ, ਭੈਣ, ਭਰਾ, ਦੋਸਤ,
ਗੁਆਂਢੀ, ਰਿਸ਼ਤੇਦਾਰ, ਅਧਿਆਪਕ
ਜਾਂ ਫ਼ਿਰ ਸਾਡਾ ਆਪਣਾ ਹਮਸਫਰ
ਜੇ ਇਹਨਾਂ ਦਾ ਸਾਥ ਹੋਵੇ ਤਾਂ
ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ
ਤੇ ਇਹੋ ਉਹ ਇਨਸਾਨ ਹੁੰਦੇ ਨੇ
ਜਿਹਨਾਂ ਨੂੰ ਫਰਿਸ਼ਤੇ ਆਖਿਆ ਜਾਂਦਾ
ਖੁਸ਼ਪ੍ਰੀਤ ਚਹਿਲ
ਕੋਟ ਲੱਲੂ

ਔਰਤ

ਇਹ ਦਰਦ ਜੋ ਔਰਤ ਦਾ
ਮੇਰਾ ਮਨ ਪਿਘਲਾ ਹੀ ਜਾਂਦਾ
ਮੇਰੇ ਤੋਂ ਨਿੱਤ ਨਵੀਂ ਕਹਾਣੀ
ਕੋਈ ਲਿਖਾ ਹੀ ਜਾਂਦਾ
ਯੁੱਗਾਂ ਬੀਤ ਗਈਆਂ
ਸਭ ਕੁੱਝ ਬਦਲ ਗਿਆ
ਪਰ ਅੱਜ ਵੀ ਇੱਕ ਔਰਤ
ਤੇ ਮਰਦ ਸਾਮਾਨ ਨਹੀਂ
ਰੁਲੀ ਹੈ ਤੇ ਰੁਲ ਰਹੀ ਹੈ
ਅੱਜ ਵੀ ਉਸ ਨੂੰ ਮਿਲ ਰਿਹਾ
ਉਸਦੇ ਹਿੱਸੇ ਦਾ ਸਨਮਾਨ ਨਹੀਂ
ਪਿਤਾ ਦੀ ਘੂਰ ਝੱਲ ਕੇ
ਵੀਰ ਦੇ ਡਰ ਵਿੱਚ ਰਹਿੰਦੀ ਹੈ
ਸਹੁਰੇ ਪੇਕੇ ਦੋਹਾਂ ਪਰਿਵਾਰਾਂ ਵਿੱਚ
ਸਾਹ ਘੁੱਟ ਕੇ ਜਿਉਂਦੀ ਹੈ
ਉੱਠ ਚੁੱਕੀ ਹੈ ਜ਼ਮੀਨ ਤੋਂ
ਹੁਣ ਬੋਲਣਾ ਤਾਂ ਜਾਣਦੀ ਹੈ
ਪਰ ਆਪ ਹੀ ਆਪਣਿਆਂ ਖਾਤਰ
ਮੁੰਹ ਨੂੰ ਤਾਲਾ ਮਾਰਦੀ ਹੈ
ਕਦੇ ਉਸਦੇ ਚਾਵਾਂ ਨੂੰ
ਪੀ ਜਾਂਦੇ ਨੇ ਪਿਆਲੇ ਸ਼ਰਾਬ ਦੇ
ਕਦੇ ਕੁਚਲ ਦਿੱਤੇ ਜਾਂਦੇ ਨੇ ਜਜ਼ਬਾਤ
ਪੱਲੇ ਬੰਨ੍ਹ ਕੇ ਰੀਤੀ ਰਿਵਾਜ ਦੇ
ਜੇ ਦੇਵਣ ਹਿੰਮਤ ਘਰਦੇ ਹੀ
ਤਾਂ ਔਰਤ ਕੀ ਨਹੀਂ ਕਰ ਸਕਦੀ
ਪਿਆਰ ਸਤਿਕਾਰ ਕਰੇ ਕੋਈ ਮਨ ਤੋਂ
ਇਹ ਜ਼ਿੰਦਗੀ ਰੋਸ਼ਨ ਕਰ ਸਕਦੀ
ਮੁਹੱਬਤ ਦੀ ਮੂਰਤ ਹੈ ਔਰਤ
ਬਸ ਹਰ ਥਾਂ ਵੰਡਦੀ ਪਿਆਰ ਹੈ
ਕਦ ਇਹ ਸਮਾਜ ਸਮਝੇਗਾ ਇੱਕ ਔਰਤ ਨੂੰ
ਦੇਵੇਗਾ ਮਰਦ ਦੇ ਬਰਾਬਰ ਅਧਿਕਾਰ ਹੈ

ਖੁਸ਼ਪ੍ਰੀਤ ਚਹਿਲ
ਕੋਟ ਲੱਲੂ

ਜ਼ਿੰਦਗੀ

ਜ਼ਿੰਦਗੀ ਥੋੜ੍ਹਾ ਹੁਣ ਹਸਾਉਣ ਲੱਗੀ ਏ
ਲੱਗਦਾ ਕੁੱਝ ਨਵਾਂ ਪੱਲੇ ਪਾਉਣ ਲੱਗੀ ਏ

ਮੁਸ਼ਕਿਲ ਹੈ ਮੁਸ਼ਕਿਲਾਂ ਨਾਲ ਲੜਨਾ
ਪਰ ਕੁਦਰਤ ਹੁਣ ਸਿਖਾਉਣ ਲੱਗੀ ਏ

ਉਹ ਵੀ ਵਕਤ ਸੀ ਜੋ ਹਾਸੇ ਖੋ ਕੇ ਲੈ ਗਿਆ
ਹੁਣ ਫ਼ਿਰ ਬੁੱਲ੍ਹਾਂ ਤੇ ਮੁਸਕਾਨ ਆਉਣ ਲੱਗੀ ਏ

ਹਨੇਰਿਆਂ ਭਰੀ ਰਾਤ ਹੋਈ ਰੌਸ਼ਨ ਫ਼ਿਰ ਲੱਗੀ
ਜਿੰਦ ਉਮੀਦਾਂ ਦੇ ਦੀਪ ਰੁਸ਼ਨਾਉਣ ਲੱਗੀ ਏ

ਲੜਖੜਾ ਕੇ ਡਿੱਗੇ ਸੀ ਕਿਸਮਤ ਦੀ ਮਾਰ ਤੋਂ
ਜ਼ਿੰਦਗੀ ਨਵੇਂ ਰਸਤੇ ਚਲਾਉਣ ਲੱਗੀ ਏ

ਪੀੜਾਂ, ਧੋਖੇ, ਹੰਝੂ ਸਭ ਕੁੱਝ ਸਮਾ ਲਿਆ ਰੂਹ ਵਿੱਚ
ਜਿੰਦ ਮੇਰੀ ਹੁਣ ਹਿੰਮਤ ਜੁਟਾਉਣ ਲੱਗੀ ਏ

ਹਰ ਸ਼ੈ ਵਿੱਚੋ ਵੇਖੀਏ ਖੁਦਾਈ ਓਸ ਖੁਦਾ ਦੀ
ਖੁਸ਼ਪ੍ਰੀਤ ਕੋਲੋਂ ਲੱਗਦਾ ਨਵਾਂ ਕੁੱਝ ਲਿਖਾਉਣ ਲੱਗੀ ਏ

ਖੁਸ਼ਪ੍ਰੀਤ ਚਹਿਲ
ਕੋਟ ਲੱਲੂ

Leave a comment