ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ 29 ਨੂੰ ਲੱਗੇਗਾ ਮੁਫਤ ਕੈਂਪ

ਕਰਤਾਰਪੁਰ(ਦਲਬਾਗ ਸਿੰਘ ਸਿੱਧੂ)– ਜ਼ਿਲਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਾਂਝੇ ਉਪਰਾਲੇ ਅਧੀਨ ਅਲਿਮਕੋ ( ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਸਰੀਰਕ ਤੌਰ ‘ਤੇ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਬਨਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ 29 ਤਰੀਕ, ਦਿਨ ਸੋਮਵਾਰ ਨੂੰ ਸ੍ਰੀਮਤੀ ਰਾਜਵਿੰਦਰ ਕੌਰ ਸੀ.ਡੀ.ਪੀ.ਓ ( ਵੈਸਟ ) ਦੀ ਅਗਵਾਈ ਵਿੱਚ ਤੇ ਹਲਕਾ ਵਿਧਾਇਕ ਸ: ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ ‘ਤੇ ਮੁਫਤ ਕੈਂਪ ਸ੍ਰੀ ਗੁਰੂ ਰਵਿਦਾਸ ਮੰਦਰ, ਆਰੀਆ ਨਗਰ, ਕਰਤਾਰਪੁਰ ਵਿਖੇ ਸਵੇਰੇ 9 ਵਜੇ ਸ੍ਰੀਮਤੀ ਹਰਪ੍ਰੀਤ ਕੌਰ ਸੁਪਤਨੀ ਸ: ਬਲਕਾਰ ਸਿੰਘ ਹਲਕਾ ਵਿਧਾਇਕ ਤੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਆਰੰਭ ਹੋਵੇਗਾ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਹਰਵਿੰਦਰ ਸਿੰਘ, ਸੁਰੇਸ਼ ਕਲੇਰ, ਲੱਭਾ ਰਾਮ, ਜੁਝਾਰ ਸਿੰਘ ( ਚਾਰੇ ਬਲਾਕ ਪ੍ਰਧਾਨ ) ਤੇ ਆਪ ਦੇ ਸੀਨੀਅਰ ਆਗੂ ਸ: ਗੁਰਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਅਸੈਸਮੈਂਟ ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਦਿਵਿਆਂਗਜਨਾਂ ਨੂੰ ਮੁਫਤ ਬਨਾਵਟੀ ਅੰਗ, ਵੀਲ ਚੇਅਰ ਟ੍ਰਾਈਸਾਈਕਲ, ਮੋਟਰਾਈਜ਼ਡ ਟ੍ਰਾਈਸਾਈਕਲ, ਕੰਨਾਂ ਦੀ ਮਸ਼ੀਨ ਤੇ ਬਰੇਲ ਫੋਨ ਆਦਿ ਦਿੱਤੇ ਜਾਣਗੇ। ਲੋੜਵੰਦ ਵਿਅਕਤੀ ਵਧੇਰੇ ਜਾਣਕਾਰੀ ਲਈ ਆਪਣੇ-ਆਪਣੇ ਪਿੰਡਾਂ ਤੇ ਸ਼ਹਿਰ ਕਰਤਾਰਪੁਰ ਦੀਆਂ ਆਂਗਨਵਾੜੀ ਵਰਕਰਾਂ ਤੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨ।