Adampur

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਆਦਮਪੁਰ ਸਿਵਲ ਏਅਰਪੋਰਟ ਟਰਮੀਨਲ ਦਾ ਕੀਤਾ ਦੌਰਾ

ਆਦਮਪੁਰ ਦੋਆਬਾ (ਗੁਰਪ੍ਰੀਤ ਬੱਲ /ਕੁਲਦੀਪ ਕੁਮਾਰ)ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਅਧਿਕਾਰੀਆਂ ਨੂੰ ਆਦਮਪੁਰ ਸਿਵਲ ਏਅਰਪੋਰਟ ਟਰਮੀਨਲ ਦੇ ਚੱਲ ਰਹੇ ਪ੍ਰਾਜੈਕਟ ਦੀ ਰਫ਼ਤਾਰ ਨੂੰ ਸਮਾਂਬੱਧ ਅਤੇ ਨਤੀਜਾਮੁਖੀ ਤਰੀਕੇ ਨਾਲ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਲੋਕਾਂ ਨੂੰ ਇਸ ਹਵਾਈ ਅੱਡੇ ‘ਤੇ ਅਤਿ-ਆਧੁਨਿਕ ਸਹੂਲਤਾਂ ਮਿਲ ਸਕਣ।
ਏਅਰਪੋਰਟ ਟਰਮੀਨਲ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਸਮਰੱਥ ਏਅਰ ਫੋਰਸ ਅਥਾਰਟੀ ਪਾਸ ਲੰਬਿਤ ਕੰਮਕਾਜੀ ਪ੍ਰਵਾਨਗੀ ਦਾ ਮਾਮਲਾ ਉਠਾਇਆ ਤਾਂ ਜੋ ਟਰਮੀਨਲ ਨਾਲ ਜੁੜੇ ਟੈਕਸੀ ਟਰੈਕ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 4.80 ਕਰੋੜ ਰੁਪਏ ਦਾ ਕੰਮ ਅਲਾਟ ਕੀਤਾ ਜਾ ਚੁੱਕਾ ਹੈ, ਜੋ ਏਅਰ ਫੋਰਸ ਅਥਾਰਟੀ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਸ਼ੁਰੂ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਸਹਾਇਕ ਡਾਇਰੈਕਟਰ ਆਦਮਪੁਰ ਏਅਰਪੋਰਟ ਕਮਲਜੀਤ ਕੌਰ ਮੌਜੂਦ ਸਨ, ਨੇ ਦੱਸਿਆ ਕਿ 125 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਆਦਮਪੁਰ ਸਿਵਲ ਏਅਰਪੋਰਟ ਦੀ ਉਸਾਰੀ ਦਾ ਕੰਮ ਆਖ਼ਰੀ ਪੜਾਅ ‘ਤੇ ਹੈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਪੂਰਾ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਏਅਰਪੋਰਟ ਨੂੰ ਜਾਂਦੀ ਸੜਕ (ਅਪਰੋਚ ਰੋਡ) ਨੂੰ ਚੌੜਾ ਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੈਂਡ ਐਕੂਜ਼ੀਸ਼ਨ ਕੁਲੈਕਟਰ ਆਦਮਪੁਰ ਨੂੰ ਪਿੰਡ ਦਮੁੰਡਾ ਅਤੇ ਕੰਦੋਲਾ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਯਾਤਰੀਆਂ ਨੂੰ ਆਦਮਪੁਰ ਹਵਾਈ ਅੱਡੇ ਤੱਕ ਨਿਰਵਿਘਨ ਪਹੁੰਚ ਪ੍ਰਦਾਨ ਕਰਨ ਲਈ 41.40 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ ਚਹੁੰ-ਮਾਰਗੀ ਕਰਕੇ ਚੌੜਾ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਵੱਲੋਂ ਉਸਾਰੀ ਵਾਲੀ ਥਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਨੂੰ ਬਕਾਇਆ ਪਏ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਵਾਈ ਅੱਡੇ ਦੇ ਡਰੇਨੇਜ ਸਿਸਟਮ ਨੂੰ ਲੋੜ ਅਨੁਸਾਰ ਮੇਨ ਲਾਈਨ ਨਾਲ ਜੋੜਨ ਲਈ ਕਿਹਾ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਸ ਸਿਵਲ ਹਵਾਈ ਅੱਡੇ ਨਾਲ ਨਾ ਸਿਰਫ਼ ਜਲੰਧਰ ਸਗੋਂ ਸਮੁੱਚੇ ਦੁਆਬਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ।

Leave a comment