ਸਿਹਤ ਵਿਭਾਗ ਵੱਲੋਂ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ ਮਨਾਇਆ ਗਿਆ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ ਮੌਕੇ ਸਿਹਤ ਕੇਂਦਰਾਂ ‘ਚ ਕਰਵਾਇਆ ਗਿਆ ਜਾਗਰੂਕ
ਮਨੁੱਖੀ ਸਰੀਰ ਵਿੱਚ ਆਇਓਡੀਨ ਦੇ ਮਹੱਤਵ ਨੂੰ ਦੱਸਣ ਅਤੇ ਇਸਦੀ ਘਾਟ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਤਰਡ ਓਹਰੀ ਦੀ ਦੇਖਰੇਖ ਵਿੱਚ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਆਮ ਲੋਕਾਂ ਨੂੰ ਆਇਓਡੀਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਆਇਓਡੀਨ ਸਾਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਓਹਰੀ ਨੇ ਦੱਸਿਆ ਕਿ ਆਇਓਡੀਨ ਸਾਡੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਲਈ ਬਹੁਤ ਜਰੂਰੀ ਹੈ। ਗਰਭਵਤੀ ਔਰਤਾਂ ਵਿੱਚ ਇਸਦੀ ਘਾਟ ਕਾਰਣ ਗਰਭਪਾਤ, ਬੱਚੇ ਵਿੱਚ ਜਮਾਂਦਰੂ ਨੁਕਸ ਹੋ ਸਕਦੇ ਹਨ ਜਾਂ ਬੱਚਾ ਮਰਿਆ ਹੋਇਆ ਵੀ ਪੈਦਾ ਹੋ ਸਕਦਾ ਹੈ। ਬੱਚਾ ਮੰਦਬੁੱਧੀ, ਗੂੰਗਾ, ਬੋਲਾ ਅਤੇ ਬੌਣਾ ਪੈਦਾ ਹੋ ਸਕਦਾ ਹੈ। ਬੱਚਿਆਂ ਅਤੇ ਵੱਡਿਆਂ ਵਿੱਚ ਗਿੱਲੜ ਰੋਗ, ਘੱਟ ਬੁੱਧੀ, ਸਰੀਰਿਕ ਅਤੇ ਮਾਨਸਿਕ ਕਮਜੋਰੀ ਹੋ ਸਕਦੀ ਹੈ।
ਬੀਈਈ ਨੀਤੀਰਾਜ ਬੀ ਸਿੰਘ ਨੇ ਦੱਸਿਆ ਕਿ ਆਮ ਇੰਸਾਨ ਨੂੰ ਬਹੁਤ ਘੱਟ ਮਾਤਰਾ ਲਗਭਗ 150 ਮਾਇਕ੍ਰੋਗ੍ਰਾਮ ਆਇਓਡੀਨ ਦੀ ਰੋਜ਼ਾਨਾ ਲੋੜ ਪੈਂਦੀ ਹੈ। ਇਸਦੇ ਲਈ ਲੂਣ ਦੇ ਪੈਕੇਟ ਵਿੱਚ ਆਇਓਡੀਨ ਪਾਇਆ ਜਾਂਦਾ ਹੈ। ਲੂਣ ਦੇ ਪੈਕੇਟ ‘ਤੇ ਚੜਦੇ ਸੂਰਜ ਦਾ ਨਿਸ਼ਾਨ ਆਇਓਡਾਈਜਡ ਨਮਕ ਹੋਣ ਦੀ ਨਿਸ਼ਾਨੀ ਹੈ। ਲੋਕਾਂ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਇਸਦੀ ਹੀ ਵਰਤੋਂ ਕਰਨੀ ਚਾਹੀਦੀ ਹੈ।