ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਚੁੱਕਿਆ

ਅੰਮ੍ਰਿਤਸਰ, 23 ਫਰਵਰੀ (ਬਿਊਰੋ) – ਆਖ਼ਿਰਕਾਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਅਤੇ ਜਥੇ ਦੇ ਸਿੰਘ ਤੂਫਾਨ ਸਿੰਘ ਨੂੰ ਕੱਲ੍ਹ ਰਿਹਾ ਕਰਨ ਤੋਂ ਬਾਅਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਧਰਨਾ ਚੁੱਕ ਲਿਆ ਹੈ ਪਰ ਓਹ ਤੂਫਾਨ ਸਿੰਘ ਦੇ ਬਾਹਰ ਆਉਣ ਤੱਕ ਅਜਨਾਲੇ ਵਿਚ ਹੀ ਰਹਿਕੇ ਦੀਵਾਨ ਸਜਾਉਣਗੇ ਅਤੇ ਅੰਮ੍ਰਿਤ ਸੰਚਾਰ ਕਰਨਗੇ। ਅੰਮ੍ਰਿਤਸਰ ਦੇ ਐਸ.ਐਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਾਹਮਣੇ ਪੇਸ਼ ਸਬੂਤਾਂ ਅਨੁਸਾਰ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਬਣਾਈ ਗਈ ਹੈ।
ਭਾਈ ਅੰਮ੍ਰਿਤਪਾਲ ਸਿੰਘ ਵਲੋਂ ਥਾਣੇ ‘ਚੋਂ ਸੰਬੋਧਨ ਕਰਦਿਆਂ ਪਰਚਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਭਾਈ ਤੂਫਾਨ ਤੇ ਇਕ ਹੋਰ ਸਾਥੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਥਾਣੇ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ’ਚ ਭਾਈ ਅੰਮ੍ਰਿਤਪਾਲ ਦੇ ਸਮਰਥਕ ਮੌਜੂਦ ਹਨ। ਅਜਨਾਲਾ ਪੁਲਿਸ ਸਿੱਖ ਸੰਗਤ ਦੀ ਸਚਾਈ ਅੱਗੇ ਝੁਕਦੀ ਨਜ਼ਰ ਆਈ ਅਤੇ ਤੂਫਾਨ ਸਿੰਘ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਸੀ ,ਜਿਨ੍ਹਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਸਖਤ ਰੋਕਾਂ ਲਾਈਆਂ ਹੋਈਆਂ ਸੀ ਪਰ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਕਿ ਪੁਲਿਸ ਉਨ੍ਹਾਂ ਨੂੰ ਰੋਕਣ ਵਿੱਚ ਬੇਵੱਸ ਨਜ਼ਰ ਆਈ।