ਵਿਸ਼ਵ ਹੈਪੇਟਾਇਟਸ ਦਿਵਸ ‘ਤੇ ਸੀਐਚਸੀ ਕਾਲਾ ਬੱਕਰਾ ਸਮੇਤ ਹੈਲਥ ਐਂਡ ਵੈਲਨੈਸ ਸੈਂਟਰਾਂ ‘ਤੇ ਕਰਵਾਏ ਗਏ ਸੈਮੀਨਾਰ

ਹੈਪੇਟਾਇਟਸ ਤੋਂ ਬਚੋ, ਲੀਵਰ ਨੂੰ ਦੁਰੁਸਤ ਰੱਖੋ: ਐਸਐਮਓ
ਕਾਲਾ ਬੱਕਰਾ(ਦਿਲਬਾਗ ਸਿੱਧੂ) -ਵਿਸ਼ਵ ਹੈਪੇਟਾਇਟਸ ਦਿਵਸ 28 ਜੁਲਾਈ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੀਐਚਸੀ ਕਾਲਾ ਬੱਕਰਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਮੈਡੀਕਲ ਅਫਸਰ ਡਾ.ਸਤਿੰਦਰ ਬਜਾਜ ਨੇ ਸੈਮੀਨਾਰ ਵਿੱਚ ਲੋਕਾਂ ਨੂੰ ਹੈਪੇਟਾਇਟਸ ਬੀਮਾਰੀ ਦੇ ਫੈਲਣ ਦੇ ਤਰੀਕਿਆਂ, ਇਸਦੇ ਲੱਛਣਾਂ ਦੀ ਪਛਾਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਐਮਓ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਹੈਪੇਟਾਇਟਸ ਪੰਜ ਕਿਸਮ ਦਾ ਹੁੰਦਾ ਹੈ। ਹੈਪੇਟਾਇਟਸ-ਏ ਅਤੇ ਈ ਦੂਸ਼ਿਤ ਪਾਣੀ ਨਾਲ ਫੈਲਦੇ ਹਨ। ਜੇਕਰ ਇਹਨਾਂ ਕਿਸਮਾਂ ਦੀ ਹੈਪੇਟਾਇਟਸ ਨਾਲ ਪੀੜਤ ਵਿਅਕਤੀ ਦਾ ਮਲ ਕਿਸੇ ਤਰੀਕੇ ਪੀਣ ਵਾਲੇ ਪਾਣੀ ‘ਚ ਮਿਲ ਜਾਵੇ ਅਤੇ ਉਹੀ ਪਾਣੀ ਦੂਜਿਆਂ ਵੱਲੋਂ ਪੀਤਾ ਜਾਵੇ, ਤਾਂ ਪੀਲੀਏ ਵਰਗੀ ਬੀਮਾਰੀ ਹੁੰਦੀ ਹੈ। ਇਸੇ ਤਰ੍ਹਾਂ ਹੈਪੇਟਾਇਟਸ-ਸੀ ਜਾਂ ਕਾਲਾ ਪੀਲੀਆ ਐਚਆਈਵੀ ਏਡਜ਼ ਦੀ ਤਰ੍ਹਾਂ ਖੂਨ ਰਾਹੀਂ ਫੈਲਦਾ ਹੈ। ਇਸਦੇ ਮੁੱਖ ਤਰੀਕੇ ਹਨ ਇੱਕੋ ਸਰਿੰਜ ਨੂੰ ਕਾਲਾ ਪੀਲੀਆ ਨਾਲ ਪੀੜਤ ਵਿਅਕਤੀ ਵੱਲੋਂ ਵਰਤੇ ਜਾਣ ਤੋਂ ਬਾਅਦ ਦੂਜੇ ਵਿਅਕਤੀ ਵੱਲੋਂ ਵਰਤਿਆ ਜਾਣਾ। ਬੀਮਾਰੀ ਨਾਲ ਪੀੜਤ ਵਿਅਕਤੀ ਤੋਂ ਉਸਦੇ ਸਾਥੀ ਨੂੰ ਸੰਭੋਗ ਰਾਹੀਂ, ਗਰਭਵਤੀ ਮਾਂ ਤੋਂ ਉਸਦੇ ਬੱਚੇ ਨੂੰ ਅਤੇ ਸੰਕਰਮਿਤ ਰੋਗੀਆਂ ਦੀ ਦੇਖਭਾਲ ਕਰਨ ਵਾਲੇ ਲੋਕ ਅਤੇ ਡਾਕਟਰ, ਨਰਸ ਆਦਿ ਨੂੰ ਸੂਈ ਚੁਭਣ ਦੀ ਸੂਰਤ ਵਿੱਚ।
ਡਾ. ਬਜਾਜ ਨੇ ਦੱਸਿਆ ਕਿ ਹੈਪੇਟਾਈਟਸ ਦੀ ਰੋਕਥਾਮ ਲਈ ਨਵਜੰਮੇ ਬੱਚੇ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਹੈਪੇਟਾਈਟਸ ਤੋਂ ਬਚਾਅ ਲਈ ਵੈਕਸੀਨ ਲਗਾਈ ਜਾਂਦੀ ਹੈ ਅਤੇ ਫਿਰ ਸਮੇਂ-ਸਮੇਂ ‘ਤੇ ਟੀਕਾਕਰਨ ਕੀਤਾ ਜਾਂਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮਾਪੇ ਆਪਣੇ ਬੱਚਿਆਂ ਦਾ ਪੂਰਾ ਟੀਕਾਕਰਨ ਜ਼ਰੂਰ ਕਰਵਾਉਣ। ਵੱਡੀ ਉਮਰ ਦੇ ਬੱਚਿਆਂ ਨੂੰ ਸਾਫ਼ ਪਾਣੀ ਪੀਣ ਅਤੇ ਸਾਫ਼ ਪੌਸ਼ਟਿਕ ਭੋਜਨ ਖਾਣ ਦੀ ਆਦਤ ਪਾਉਣ, ਤਾਂ ਜੋ ਹੈਪੇਟਾਈਟਸ ਤੋਂ ਬਚਿਆ ਜਾ ਸਕੇ।
ਇਸ ਸਮੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਿਹਤ ਕਰਮੀ ਵੀ ਹਾਜ਼ਿਰ ਸਨ।






