ਸਈਪੁਰ ਮੁਹੱਲਾ ਨਿਵਾਸੀਆਂ ਵਲੋਂ ਪੁਰਾਣੇ ਰਸਤੇ ਨੂੰ ਬਹਾਲ ਕਰਵਾਉਣ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਸੰਯੁਕਤ ਕਮਿਸ਼ਨਰ ਨੂੰ ਕੀਤੀ ਅਪੀਲ


ਜਲੰਧਰ (ਸੰਜੀਵ ਕੁਮਾਰ ) ਜਲੰਧਰ ਦੇ ਮੁਹੱਲਾ ਸਈਪੁਰ ਕਲਾਂ ਦੇ ਡਾ.ਬੀ.ਆਰ.ਅੰਬੇਡਕਰ ਪਾਰਕ ਵਿੱਚ ਲਗਾਏ ਗਏ ਦੂਜੇ ਬੁੱਤ ਨੂੰ ਹਟਾ ਕੇ ਪੁਰਾਣੀ ਸੜਕ ਨੂੰ ਬਹਾਲ ਕਰਵਾਉਣ ਲਈ ਅੱਜ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਜਲੰਧਰ ਦੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਨੂੰ ਮਿਲੇ ਜਿਹਨਾਂ ਨੇ ਚਾਰ ਮਹੀਨਾ ਪਹਿਲਾਂ ਪਾਰਕ ਵਿੱਚ ਹੋਏ ਝਗੜੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਰਜਿੰਦਰ ਰਾਣਾ, ਅਸ਼ਵਨੀ ਕੁਮਾਰ ਅਤੇ ਸੁਸਾਇਟੀ ਦੇ ਪ੍ਰਧਾਨ ਯੋਗਰਾਜ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਚਾਰ ਮਹੀਨੇ ਪਹਿਲਾਂ ਮੁਹੱਲਾ ਸਈਪੁਰ ਦੀ ਪੁਰਾਣੀ ਸੜਕ ਨੂੰ ਖੁੱਲ੍ਹਵਾਉਣ ਲਈ ਕਾਰਵਾਈ ਕੀਤੀ ਗਈ ਸੀ,ਇਸ ਦੌਰਾਨ ਕਬਜ਼ਾਧਾਰੀ ਦੇਸਰਾਜ ਵਲੋਂ ਨਗਰ ਨਿਗਮ ਦੀ ਕਾਰਵਾਈ ਦੌਰਾਨ ਪੁਰਾਣੀ ਸੜਕ ‘ਤੇ ਬੁੱਤ ਲਗਾ ਕੇ ਧਾਰਮਿਕ ਵਿਵਾਦ ਪੈਦਾ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪਾਰਕ ਦੀ ਜਮੀਨ ਉਪਰ ਕੁਝ ਸਿਆਸੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਹਾਲਤ ਵਿੱਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।ਇਸ ਸਬੰਧੀ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਨੇ ਐਕਸੀਐਨ ਸੁਖਵਿੰਦਰ ਨੂੰ ਮੌਕੇ ‘ਤੇ ਬੁਲਾਇਆ ਅਤੇ ਉਨ੍ਹਾਂ ਨੂੰ ਸ਼ਿਕਾਇਤਾਂ ਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਜਿਸ ਉਪਰ ਐਕਸੀਐਨ ਸੁਖਵਿੰਦਰ ਨੇ ਜੁਆਇੰਟ ਕਮਿਸ਼ਨਰ ਨੂੰ ਮੌਕੇ ’ਤੇ ਹੀ ਫਾਈਲ ਮੰਗਵਾ ਕੇ ਪੂਰੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮੌਕੇ ’ਤੇ ਜੋ ਵੀ ਕਾਰਵਾਈ ਕੀਤੀ ਗਈ ਸੀ ਉਹ ਕਾਨੂੰਨ ਅਨੁਸਾਰ ਕੀਤੀ ਗਈ ਸੀ ਅਤੇ ਜੋ ਵੀ ਕਾਰਵਾਈ ਰਹਿੰਦੀ ਹੈ ਉਸਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ । ਸੰਯੁਕਤ ਕਮਿਸ਼ਨਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਨਗਰ ਨਿਗਮ ਕਿਸੇ ਵੀ ਸਿਆਸੀ ਦਬਾਅ ਹੇਠ ਕੰਮ ਨਹੀਂ ਕਰੇਗਾ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਸੰਜੀਵ ਕੁਮਾਰ, ਰਣਜੀਤ, ਭਾਰਤ ਭੂਸ਼ਣ, ਜਸਵੀਰ ਪ੍ਰੀਤਮ ਕੌਰ, ਭਜਨ ਕੌਰ, ਮਿੰਦੋ, ਪਿਆਰੀ ਆਦਿ ਹਾਜ਼ਰ ਸਨ।