ਅਲਾਵਲਪੁਰ ਵਿਖੇ ਝੰਡਾ ਸਾਹਿਬ ਸਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ

ਕਿਸ਼ਨਗੜ (ਗੁਰਪ੍ਰੀਤ ਬੱਲ /ਦਿਲਬਾਗ ਸਿੱਧੂ) ਅਲਾਵਲਪੁਰ ਵਿਖੇ ਡੇਰਾ ਸਮਾਧ ਬਾਬਾ ਮਾੜੂ ਦਾਸ ਜੀ ਤਪ ਅਸਥਾਨ ਸ੍ਰੀ ਗੁਰੂ ਰਾਮ ਰਾਇ ਵਿਖੇ ਸ੍ਰੀ ਝੰਡਾ ਸਾਹਿਬ ਦਾ ਸਾਲਾਨਾ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉੱਤਰੀ ਭਾਰਤ ਦੇ ਪ੍ਰਸਿੱਧ ਮੇਲਿਆਂ ਵਿੱਚ ਸ਼ੁਮਾਰ ਇਸ ਮੇਲੇ ਨੂੰ ਲੈ ਕੇ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸਵੇਰ ਤੋਂ ਹੀ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ।

ਮਹੰਤ ਦਵਿੰਦਰ ਦਾਸ ਜੀ ਦੇਹਰਾਦੂਨ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਡੇਰਾ ਦੇਹਰਾਦੂਨ ਦੇ ਮੁੱਖ ਪੁਜਾਰੀ ਭਾਨੂੰ ਪ੍ਰਤਾਪ ਜੀ ਅਤੇ ਪੰਡਿਤ ਸੁਬੋਧ ਉਨਿਆਲ ਜੀ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾਈ ਗਈ। ਇਸ ਉਪਰੰਤ ਬੈਂਡ-ਵਾਜਿਆਂ ਦੀਆਂ ਧੁਨਾਂ ਨਾਲ ਸ੍ਰੀ ਝੰਡਾ ਸਾਹਿਬ ਚੜ੍ਹਾਇਆ ਗਿਆ। ਸ਼ਰਧਾਲੂਆਂ ਨੇ ਸ੍ਰੀ ਝੰਡਾ ਸਾਹਿਬ ਅੱਗੇ ਨਤਮਸਤਕ ਹੋ ਕੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ।
ਸਮਾਗਮ ਵਿੱਚ ਭਾਈ ਜਸਬਿੰਦਰ ਸਿੰਘ ਬੈਂਸ ਦੇ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਮੇਲੇ ਵਿੱਚ ਪਹੁੰਚੀਆਂ ਸੰਗਤਾਂ ਲਈ ਪ੍ਰਬੰਧਕਾਂ ਵੱਲੋਂ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਲੰਗਰ ਛਕਿਆ।

ਸ੍ਰੀ ਝੰਡਾ ਸਾਹਿਬ ਦੇ ਸਾਲਾਨਾ ਮੇਲੇ ਵਿੱਚ ਹਰ ਸਾਲ ਦੂਰ-ਦੁਰਾਡੇ ਤੋਂ ਸੰਗਤਾਂ ਪਹੁੰਚਦੀਆਂ ਹਨ। ਇਸ ਵਾਰ ਵੀ ਪੰਜਾਬ ਸਮੇਤ ਹੋਰਨਾਂ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੇਲੇ ਵਿੱਚ ਪਹੁੰਚੇ ਅਤੇ ਪੂਰਾ ਦਿਨ ਡੇਰਾ ਵਿਖੇ ਚਹਿਲ-ਪਹਿਲ ਬਣੀ ਰਹੀ।
ਇਸ ਮੌਕੇ ਡੇਰਾ ਦੇਹਰਾਦੂਨ ਤੋਂ ਵਿਸ਼ੇਸ਼ ਪ੍ਰਤੀਨਿਧੀ ਗਣੇਸ਼ ਬਿਡਾਲੀਆ, ਸੇਵਾਮੁਕਤ ਐੱਸ.ਡੀ.ਐੱਮ. ਸੁੰਦਰ ਸਿੰਘ, ਪ੍ਰਿੰਸੀਪਲ ਡੀ.ਪੀ. ਥਪਿਯਾਲ, ਜੀਤਪਾਲ ਰਾਣਾ, ਤੀਰਥ ਸਿੰਘ, ਬਾਬਾ ਅਮਰਜੀਤ, ਜਥੇਦਾਰ ਹਰਨਾਮ ਸਿੰਘ, ਗੋਪਾਲ ਸ਼ਰਨ ਭੱਲਾ, ਨਰਿੰਦਰ ਸ਼ਰਮਾ, ਹਰਭਜਨ ਸਿੰਘ, ਮਹਿੰਦਰ ਸਿੰਘ, ਜਤਿੰਦਰ ਚੋੜਾ, ਅਮਰਜੀਤ ਪੱਪੂ, ਸੁਤੰਤਰ ਕੁਮਾਰ ਜੁਲਕਾ, ਦਲਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਸ਼ਹਿਰ ਵਾਸੀ ਹਾਜ਼ਰ ਸਨ। ਸਮਾਗਮ ਦੌਰਾਨ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਸੰਗਤ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਰਧਾਲੂਆਂ ਵੱਲੋਂ ਸ਼ਲਾਘਾ ਕੀਤੀ ਗਈ।
















