ਜਲੰਧਰ ਟਰਾਂਸਪੋਰਟ ਨਗਰ ਨੇੜੇ NHAI ਦੀ ਸਰਵਿਸ ਲਾਈਨ ਖਸਤਾਹਾਲ, ਰਾਹਗੀਰਾਂ ਦੀ ਜਾਨ ਨਾਲ ਖੇਡਣ ਦਾ ਜ਼ਿੰਮੇਵਾਰ ਕੌਣ?


ਜਲੰਧਰ( ਸਰਬਜੀਤ ਸਿੰਘ) ਟਰਾਂਸਪੋਰਟ ਨਗਰ ਨੇੜੇ ਨੈਸ਼ਨਲ ਹਾਈਵੇ ਅਥਾਰਟੀ (NHAI) ਦੀ ਸਰਵਿਸ ਲਾਈਨ ਦੀ ਮਾੜੀ ਹਾਲਤ ਕਾਰਨ ਆਮ ਲੋਕ ਲੰਮੇ ਸਮੇਂ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸੜਕ ਦੇ ਦੋਵੇਂ ਪਾਸਿਆਂ ਟੁੱਟੀਆਂ-ਫੁੱਟੀਆਂ ਪਰਤਾਂ, ਡੂੰਘੇ ਖੱਡੇ ਅਤੇ ਘਟੀਆ ਨਿਰਮਾਣ ਕਾਰਨ ਹਰ ਰੋਜ਼ ਦੋਪਹੀਆ, ਕਾਰਾਂ ਅਤੇ ਹੋਰ ਵਾਹਨ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਸੰਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਧਿਆਨ ਦਿਵਾਇਆ ਜਾ ਚੁੱਕਾ ਹੈ, ਪਰ ਸੰਬੰਧਿਤ ਅਧਿਕਾਰੀ ਅਜੇ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਦਿਖਾਈ ਦੇ ਰਹੇ ਹਨ। ਨਤੀਜੇ ਵਜੋਂ ਰਾਹਗੀਰਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਸ ਖਸਤਾਹਾਲ ਸੜਕ ਕਾਰਨ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਕੀ NHAI ਅਤੇ ਸੰਬੰਧਿਤ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਸਕਦੇ ਹਨ?
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਵਿਸ ਲਾਈਨ ਦੀ ਤੁਰੰਤ ਉੱਚ ਗੁਣਵੱਤਾ ਨਾਲ ਮੁਰੰਮਤ ਕਰਵਾਈ ਜਾਵੇ, ਘਟੀਆ ਕੰਮ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ।
ਲੋਕਾਂ ਦਾ ਸਵਾਲ ਸਾਫ਼ ਹੈ: ਟੈਕਸ ਭਰਨ ਵਾਲੇ ਨਾਗਰਿਕਾਂ ਨੂੰ ਸੁਰੱਖਿਅਤ ਸੜਕਾਂ ਕਦੋਂ ਮਿਲਣਗੀਆਂ, ਅਤੇ ਪ੍ਰਸ਼ਾਸਨ ਕੁੰਭਕਰਬੀ ਨੀਂਦ ਤੋਂ ਕਦ ਜਾਗੇਗਾ?